Lectionary Calendar
Tuesday, May 28th, 2024
the Week of Proper 3 / Ordinary 8
Attention!
We are taking food to Ukrainians still living near the front lines. You can help by getting your church involved.
Click to donate today!

Read the Bible

ਬਾਇਬਲ

ਰਸੂਲਾਂ ਦੇ ਕਰਤੱਬ 17

1 ਫੇਰ ਓਹ ਅਮਫ਼ਿਪੁਲਿਸ ਅਤੇ ਅਪੁੱਲੋਨਿਯਾ ਦੇ ਵਿੱਚੋਂ ਦੀ ਲੰਘ ਕੇ ਥੱਸਲੁਨੀਕੇ ਨੂੰ ਆਏ ਜਿੱਥੇ ਯਹੂਦੀਆਂ ਦੀ ਇੱਕ ਸਮਾਜ ਸੀ।
2 ਅਤੇ ਪੌਲੁਸ ਆਪਣੇ ਦਸਤੂਰ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਰ ਤਿੰਨਾਂ ਸਬਤਾਂ ਦੇ ਦਿਨਾਂ ਤੀਕ ਲਿਖਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਉਂਦਾ ਰਿਹਾ।
3 ਅਤੇ ਅਰਥ ਖੋਲ੍ਹ ਕੇ ਉਹ ਨੇ ਬਿਆਨ ਕੀਤਾ ਭਈ ਮਸੀਹ ਦਾ ਦੁਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜਰੂਰੀ ਸੀ ਅਤੇ ਇਹ ਯਿਸੂ ਜਿਹ ਦੀ ਮੈਂ ਤੁਹਾਨੂੰ ਖਬਰ ਦਿੰਦਾ ਹਾਂ ਉਹੋ ਮਸੀਹ ਹੈ।
4 ਸੋ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਮੰਨ ਲਿਆ ਅਤੇ ਪੌਲੁਸ ਅਰ ਸੀਲਾਸ ਦੇ ਨਾਲ ਰਲ ਗਏ ਅਰ ਇਸੇ ਤਰਾਂ ਭਗਤ ਯੂਨਾਨੀਆਂ ਵਿੱਚੋਂ ਬਾਹਲੇ ਲੋਕ ਅਤੇ ਬਹੁਤ ਸਾਰੀਆਂ ਸਰਦਾਰਨੀਆਂ ਵੀ।
5 ਪਰ ਯਹੂਦੀਆਂ ਨੇ ਖੁਣਸ ਕਰਕੇ ਬਜ਼ਾਰ ਦੇ ਲੁੱਚਿਆਂ ਲੰਡਿਆਂ ਵਿੱਚੋਂ ਕਈ ਪੁਰਖਾਂ ਨੂੰ ਆਪਣੇ ਸੰਗ ਰਲਾ ਲਿਆ ਅਤੇ ਭੀੜ ਲਾ ਕੇ ਨਗਰ ਵਿੱਚ ਰੌਲਾ ਪਾ ਦਿੱਤਾ ਅਤੇ ਯਾਸੋਨ ਦੇ ਘਰ ਉੱਤੇ ਹੱਲਾ ਕਰ ਕੇ ਉਨ੍ਹਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣਾ ਚਾਹੁੰਦੇ ਸਨ।
6 ਪਰ ਜਾਂ ਓਹ ਨਾ ਲੱਭੇ ਤਾਂ ਯਾਸੋਨ ਅਤੇ ਕਈ ਭਾਈਆਂ ਨੂੰ ਨਗਰ ਦੇ ਸਰਦਾਰਾਂ ਅੱਗੇ ਇਉਂ ਡੰਡ ਪਾਉਂਦੇ ਖਿੱਚ ਲਿਆਏ ਭਈ ਏਹ ਲੋਕ ਜਿਨ੍ਹਾਂ ਜਗਤ ਨੂੰ ਉਲਟਾ ਦਿੱਤਾ ਹੈ ਏੱਥੇ ਵੀ ਆਏ ਹਨ !
7 ਯਾਸੋਨ ਨੇ ਉਨ੍ਹਾਂ ਨੂੰ ਉਤਾਰਿਆ ਹੈ ਅਤੇ ਏਹ ਸਭ ਕੈਸਰ ਦੇ ਹੁਕਮਾਂ ਦੇ ਵਿਰੁੱਧ ਕਹਿੰਦੇ ਹਨ ਕਿ ਪਾਤਸ਼ਾਹ ਤਾਂ ਹੋਰ ਹੈ ਅਰਥਾਤ ਯਿਸੂ।
8 ਸੋ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦਿਆਂ ਸਰਦਾਰਾਂ ਨੂੰ ਏਹ ਗੱਲਾਂ ਸੁਣਾ ਕੇ ਘਬਰਾ ਦਿੱਤਾ।
9 ਤਾਂ ਓਹਨਾਂ ਨੇ ਯਾਸੋਨ ਅਰ ਦੂਜਿਆਂ ਤੋਂ ਮੁਚੱਲਕਾ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।

10 ਪਰ ਭਾਈਆਂ ਨੇ ਤਾਬੜਤੋੜ ਰਾਤ ਦੇ ਵੇਲੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਨੂੰ ਘੱਲ ਦਿੱਤਾ ਅਰ ਓਹ ਉੱਥੇ ਪਹੁੰਚ ਕੇ ਯਹੂਦੀਆਂ ਦੀ ਸਮਾਜ ਵਿੱਚ ਗਏ।
11 ਏਥੇ ਦੇ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।
12 ਇਸ ਲਈ ਬਹੁਤੇ ਉਨ੍ਹਾਂ ਵਿੱਚੋਂ ਅਤੇ ਯੂਨਾਨੀ ਪਤਵੰਤ ਇਸਤ੍ਰੀਆਂ ਅਤੇ ਪੁਰਖਾਂ ਵਿੱਚੋਂ ਵੀ ਢੇਰ ਸਾਰਿਆਂ ਨੇ ਨਿਹਚਾ ਕੀਤੀ।
13 ਪਰ ਜਾਂ ਥੱਸਲੁਨੀਕੇ ਦੇ ਯਹੂਦੀਆਂ ਨੇ ਜਾਣਿਆ ਭਈ ਪੌਲੁਸ ਪਰਮੇਸ਼ੁਰ ਦਾ ਬਚਨ ਬਰਿਯਾ ਵਿੱਚ ਵੀ ਸੁਣਾਉਂਦਾ ਹੈ ਤਾਂ ਉੱਥੇ ਵੀ ਆਣ ਕੇ ਲੋਕਾਂ ਨੂੰ ਉਭਾਰਨ ਅਤੇ ਘਬਰਾ ਦੇਣ ਲੱਗੇ।
14 ਤਦ ਭਾਈਆਂ ਨੇ ਝੱਟ ਪੌਲੁਸ ਨੂੰ ਵਿਦਿਆ ਕੀਤਾ ਭਈ ਸਮੁੰਦਰ ਤੀਕ ਜਾਵੇ ਅਤੇ ਸੀਲਾਸ ਅਰ ਤਿਮੋਥਿਉਸ ਉੱਥੇ ਹੀ ਰਹੇ।
15 ਪਰ ਪੌਲੁਸ ਦੇ ਪੁਚਾਉਣ ਵਾਲਿਆਂ ਨੇ ਉਹ ਨੂੰ ਅਥੇਨੈ ਤਾਈਂ ਲਿਆਂਦਾ ਅਤੇ ਸੀਲਾਸ ਅਰ ਤਿਮੋਥਿਉਸ ਦੇ ਲਈ ਹੁਕਮ ਲੈ ਕੇ ਭਈ ਜਿਸ ਤਰਾਂ ਹੋ ਸੱਕੇ ਛੇਤੀ ਉਹ ਦੇ ਕੋਲ ਆ ਜਾਣ ਓਹ ਤੁਰ ਪਏ।

16 ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਦੀ ਉਡੀਕ ਕਰਦਾ ਸੀ ਤਾਂ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹ ਦਾ ਜੀ ਜਲ ਗਿਆ।
17 ਇਸ ਲਈ ਉਹ ਸਮਾਜ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ ਬਜ਼ਾਰ ਵਿੱਚ ਉਨ੍ਹਾਂ ਨਾਲ ਜੋ ਉਸ ਨੂੰ ਮਿਲਦੇ ਸਨ ਗਿਆਨ ਗੋਸ਼ਟ ਕਰਦਾ ਸੀ।
18 ਅਪਿਕੂਰੀ ਅਰ ਸਤੋਇਕੀ ਪੰਡਤਾਂ ਵਿੱਚੋਂ ਵੀ ਕਈਕੁ ਉਸ ਨਾਲ ਟਕਰਨ ਲੱਗੇ ਅਤੇ ਕਈਆਂ ਨੇ ਆਖਿਆ ਜੋ ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਮਲੂਮ ਹੁੰਦਾ ਹੈ ਕਿਉਂ ਜੋ ਉਹ ਯਿਸੂ ਦੀ ਅਰ ਕਿਆਮਤ ਦੀ ਖੁਸ਼ ਖਬਰੀ ਸੁਣਾਉਂਦਾ ਸੀ।
19 ਓਹ ਉਸ ਨੂੰ ਫੜ ਕੇ ਅਰਿਯੁਪਗੁਸ ਉੱਤੇ ਲੈ ਗਏ ਅਰ ਬੋਲੇ, ਕੀ ਅਸੀਂ ਪੁੱਛ ਸੱਕਦੇ ਹਾਂ ਭਈ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈਂ ਕੀ ਹੈ ?
20 ਤੂੰ ਤਾਂ ਸਾਡੇ ਕੰਨੀਂ ਅਨੋਖੀਆਂ ਗੱਲਾਂ ਪਾਉਂਦਾ ਹੈਂ ਸੋ ਅਸੀਂ ਉਨ੍ਹਾਂ ਦਾ ਅਰਥ ਜਾਣਿਆ ਚਾਹੁੰਦੇ ਹਾਂ।
21 ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ ਨਵੀਆਂ ਨਵੀਆਂ ਗੱਲਾਂ ਸੁਣਨ ਅਥਵਾ ਸੁਣਾਉਣ ਤੋਂ ਬਿਨਾ ਆਪਣਾ ਵੇਲਾ ਹੋਰ ਕਿਸੇ ਕੰਮ ਵਿੱਚ ਨਹੀਂ ਕੱਟਦੇ ਸਨ।

22 ਸੋ ਪੌਲੁਸ ਅਰਿਯੁਪਗੁਸ ਦੇ ਵਿੱਚ ਖੜਾ ਹੋ ਕੇ ਕਹਿਣ ਲੱਗਾ, - ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ।
23 ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਭੀ ਵੇਖੀ ਜਿਹ ਦੇ ਉੱਤੇ ਇਹ ਲਿਖਿਆ ਹੋਇਆ ਸੀ ਅਣਜਾਤੇ ਦੇਵ ਲਈ। ਉਪਰੰਤ ਜਿਹ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਓਸੇ ਦੀ ਖਬਰ ਦਿੰਦਾ ਹਾਂ।
24 ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਇਆਂ ਹੋਇਆਂ ਮੰਦਰਾਂ ਵਿੱਚ ਨਹੀਂ ਵੱਸਦਾ ਹੈ।
25 ਅਤੇ ਨਾ ਕਿਸੇ ਚੀਜ਼ ਤੋਂ ਥੁੜ ਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਆਪੇ ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।
26 ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ।
27 ਭਈ ਓਹ ਪਰਮੇਸ਼ੁਰ ਨੂੰ ਭਾਲਣ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।
28 ਕਿਉਂਕਿ ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਭੀ ਕਿੰਨਿਆਂ ਨੇ ਆਖਿਆ ਹੈ ਭਈ ਅਸੀਂ ਤਾਂ ਉਹ ਦੀ ਅੰਸ ਭੀ ਹਾਂ।
29 ਸੋ ਪਰਮੇਸ਼ੁਰ ਦੀ ਅੰਸ ਹੋ ਕੇ ਸਾਨੂੰ ਜੋਗ ਨਹੀਂ ਜੋ ਇਹ ਸਮਝੀਏ ਭਈ ਪਰਮੇਸ਼ੁਰ ਸੋਨੇ, ਚਾਂਦੀ ਯਾ ਪੱਥਰ ਵਰਗਾ ਹੈ। ਜਿਹ ਨੂੰ ਮਨੁੱਖ ਦੀ ਹਥੌਟੀ ਅਤੇ ਮਨ ਨੇ ਘੜਿਆ ਹੈ।
30 ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮਿਆਂ ਵੱਲੋਂ ਅੱਖੀਆਂ ਫੇਰ ਲਈਆਂ ਸਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ।
31 ਕਿਉਂ ਜੋ ਉਸ ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।

32 ਜਾਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ ਪਰ ਹੋਰਨਾਂ ਆਖਿਆ, ਅਸੀਂ ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ।
33 ਸੋ ਪੌਲੁਸ ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ।
34 ਪਰੰਤੂ ਕਈ ਪੁਰਖਾਂ ਨੇ ਉਹ ਦੇ ਨਾਲ ਰਲ ਕੇ ਪਰਤੀਤ ਕੀਤੀ। ਉਨ੍ਹਾਂ ਵਿੱਚੋਂ ਦਿਯਾਨੁਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮੇ ਇੱਕ ਤੀਵੀਂ ਅਤੇ ਹੋਰ ਕਈ ਉਨ੍ਹਾਂ ਦੇ ਨਾਲ ਸਨ।

 
adsfree-icon
Ads FreeProfile