Lectionary Calendar
Tuesday, May 28th, 2024
the Week of Proper 3 / Ordinary 8
Attention!
Partner with StudyLight.org as God uses us to make a difference for those displaced by Russia's war on Ukraine.
Click to donate today!

Read the Bible

ਬਾਇਬਲ

ਰਸੂਲਾਂ ਦੇ ਕਰਤੱਬ 22

1 ਹੇ ਭਰਾਵੋ ਅਤੇ ਹੇ ਪਿਤਰੋ, ਮੇਰਾ ਇਹ ਉਜ਼ਰ ਜੋ ਹੁਣ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਸੁਣੋ।
2 ਉਨ੍ਹਾਂ ਨੇ ਜਾਂ ਸੁਣਿਆ ਜੋ ਉਹ ਇਬਰਾਨੀ ਭਾਖਿਆ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ ਤਾਂ ਹੋਰ ਵੀ ਚੁੱਪ ਰਹਿ ਗਏ। ਤਦ ਉਹ ਬੋਲਿਆ,

3 ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਿਕਿਯਾ ਦੇ ਤਰਸੁਸ ਵਿੱਚ ਜੰਮਿਆ ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ ਦਾਦਿਆਂ ਦੀ ਸ਼ਰਾ ਪੂਰੇ ਚੱਜ ਨਾਲ ਸਿੱਖੀ ਅਤੇ ਪਰਮੇਸ਼ੁਰ ਦੇ ਲਈ ਅਜਿਹਾ ਹੀ ਅਣਖੀ ਸਾਂ ਜਿਹੇ ਤੁਸੀਂ ਸਭ ਅੱਜ ਦੇ ਦਿਨ ਹੋ।
4 ਅਰ ਮੈਂ ਪੁਰਖਾਂ ਅਤੇ ਤੀਵੀਆਂ ਨੂੰ ਬੰਨ੍ਹ ਬੰਨ੍ਹ ਕੇ ਅਰ ਕੈਦ ਵਿੱਚ ਪੁਆ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਤੀਕੁਰ ਸਤਾਇਆ।
5 ਜਿਵੇਂ ਸਰਦਾਰ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ ਕਿ ਜਿਨ੍ਹਾਂ ਕੋਲੋਂ ਮੈਂ ਭਾਈਆਂ ਦੇ ਨਾਉਂ ਚਿੱਠੀਆਂ ਵੀ ਲੈ ਕੇ ਦੰਮਿਸਕ ਨੂੰ ਜਾਂਦਾ ਸਾਂ ਭਈ ਓਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਯਰੂਸ਼ਲਮ ਵਿੱਚ ਬੱਧੇ ਹੋਏ ਲਿਆਵਾਂ।
6 ਅਤੇ ਐਉਂ ਹੋਇਆ ਕਿ ਜਾਂ ਮੈਂ ਤੁਰਦੇ ਤੁਰਦੇ ਦੰਮਿਸਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰਕੁ ਦੇ ਵੇਲੇ ਚੁਫੇਰੇ ਅਚਾਣਕ ਅਕਾਸ਼ੋਂ ਵੱਡੀ ਜੋਤ ਚਮਕੀ।
7 ਅਰ ਮੈਂ ਜਮੀਨ ਉੱਤੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ?
8 ਤਦ ਮੈਂ ਉੱਤਰ ਦਿੱਤਾ ਕਿ ਪ੍ਰਭੁ ਜੀ ਤੂੰ ਕੌਣ ਹੈਂ ? ਉਹ ਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ।
9 ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ ਪਰ ਉਹ ਦੀ ਅਵਾਜ਼ ਜੋ ਮੇਰੇ ਸੰਗ ਬੋਲਦਾ ਸੀ ਨਾ ਸੁਣੀ।
10 ਫੇਰ ਮੈਂ ਕਿਹਾ, ਹੇ ਪ੍ਰਭੁ ਮੈਂ ਕੀ ਕਰਾਂ ? ਪ੍ਰਭੁ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸਕ ਵਿੱਚ ਜਾਹ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ।
11 ਜਾਂ ਮੈ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸੱਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜੀ ਦੰਮਿਸਕ ਵਿੱਚ ਆਇਆ।
12 ਅਰ ਇੱਕ ਮਨੁੱਖ ਹਨਾਨਿਯਾਹ ਨਾਮੇ ਜੋ ਸ਼ਰਾ ਦੀ ਰੀਤ ਮੂਜਬ ਭਗਤ ਲੋਕ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ।
13 ਮੇਰੇ ਕੋਲ ਆਇਆ ਅਤੇ ਉਸ ਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲੁਸ ਸੁਜਾਖਾ ਹੋ ਜਾਹ, ਅਰ ਓਸੇ ਵੇਲੇ ਮੈਂ ਉਹ ਦੇ ਉੱਤੇ ਨਜ਼ਰ ਕੀਤੀ।
14 ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇਂ ਅਤੇ ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ।
15 ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੈਂ ਵੇਖੀਆਂ ਅਤੇ ਸੁਣੀਆਂ ਹਨ।
16 ਹੁਣ ਤੂੰ ਕਿਉਂ ਢਿੱਲ ਕਰਦਾ ਹੈਂ ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ।
17 ਅਤੇ ਐਉਂ ਹੋਇਆ ਕਿ ਜਾਂ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁੱਧ ਹੋ ਗਿਆ।
18 ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਸ਼ਤਾਬੀ ਨਿੱਕਲ ਜਾਹ ਕਿਉਂ ਜੋ ਓਹ ਮੇਰੇ ਹੱਕ ਵਿੱਚ ਤੇਰੀ ਸਾਖੀ ਨਾ ਮੰਨਣਗੇ।
19 ਮੈਂ ਆਖਿਆ, ਹੇ ਪ੍ਰਭੁ ਓਹ ਆਪ ਜਾਣਦੇ ਹਨ ਜੋ ਮੈਂ ਉਨ੍ਹਾਂ ਨੂੰ ਜਿਨ੍ਹਾਂ ਤੇਰੇ ਉੱਤੇ ਨਿਹਚਾ ਕੀਤੀ ਕੈਦ ਕਰਦਾ ਅਤੇ ਹਰੇਕ ਸਮਾਜ ਵਿੱਚ ਮਾਰਦਾ ਸਾਂ।
20 ਅਰ ਜਾਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਭੀ ਕੋਲ ਖੜਾ ਅਤੇ ਰਾਜ਼ੀ ਸਾਂ ਅਤੇ ਉਹ ਦੇ ਖੂਨੀਆਂ ਦੇ ਬਸਤ੍ਰਾਂ ਦੀ ਰਾਖੀ ਕਰਦਾ ਸਾਂ।
21 ਤਾਂ ਓਨ ਮੈਨੂੰ ਆਖਿਆ ਕਿ ਤੁਰ ਜਾਹ ਕਿਉਂ ਜੋ ਮੈਂ ਤੈਨੂੰ ਦੂਰ ਵਾਟ ਪਰਾਈਆਂ ਕੌਮਾਂ ਦੇ ਕੋਲ ਘੱਲਾਂਗਾ।

22 ਓਹ ਏਸ ਗੱਲ ਤੀਕੁਰ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਭਈ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਜੋਗ ਨਹੀਂ !
23 ਜਾਂ ਉਹ ਧੁੰਮ ਮਚਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ।
24 ਤਾਂ ਸਰਦਾਰ ਨੇ ਹੁਕਮ ਦਿੱਤਾ ਜੋ ਉਹ ਨੂੰ ਕਿਲੇ ਵਿੱਚ ਲਿਆਉਣ ਅਤੇ ਆਖਿਆ ਭਈ ਉਹ ਨੂੰ ਕੋਰੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ ਮਲੂਮ ਹੋਵੇ ਕਿ ਓਹ ਕਿਸ ਕਾਰਨ ਇਹ ਦੇ ਮਗਰ ਇਉਂ ਡੰਡ ਪਾਉਂਦੇ ਹਨ।
25 ਜਾਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਜਕੜਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜਾ ਸੀ ਆਖਿਆ, ਕੀ ਤੁਹਾਨੂੰ ਜੋਗ ਹੈ ਜੋ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤਿਆਂ ਬਿਨਾ ਕੋਰੜੇ ਮਾਰੋ ?
26 ਜਾਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ ? ਇਹ ਮਨੁੱਖ ਤਾਂ ਰੋਮੀ ਹੈ !
27 ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਤੂੰ ਰੋਮੀ ਹੈਂ? ਉਹ ਬੋਲਿਆ, ਹਾਂ ਜੀ ।
28 ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖਰਚ ਕੇ ਇਹ ਮਰਾਤਬਾ ਪਾਇਆ ! ਪੌਲੁਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ।
29 ਉਪਰੰਤ ਜਿਹੜੇ ਉਹ ਨੂੰ ਪਰਤਾਉਣ ਲੱਗੇ ਸਨ ਓਹ ਝੱਟ ਉਹ ਦੇ ਕੋਲੋਂ ਹਟ ਗਏ ਅਤੇ ਸਰਦਾਰ ਭੀ ਇਹ ਜਾਣ ਕੇ ਭਈ ਉਹ ਰੋਮੀ ਹੈ ਅਤੇ ਮੈਂ ਉਹ ਨੂੰ ਬੰਨ੍ਹਿਆ, ਡਰ ਗਿਆ।
30 ਅਗਲੇ ਭਲਕ ਉਸ ਨੇ ਇਸ ਇਰਾਦੇ ਨਾਲ ਜੋ ਹਕੀਕਤ ਮਲੂਮ ਕਰੇ ਭਈ ਯਹੂਦੀਆਂ ਨੇ ਉਹ ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਹ ਨੂੰ ਖੋਲ੍ਹ ਦਿੱਤਾ ਅਤੇ ਪਰਧਾਨ ਜਾਜਕਾਂ ਅਤੇ ਸਾਰੀ ਮਹਾ ਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ। ਫੇਰ ਉਸ ਨੇ ਪੌਲੁਸ ਨੂੰ ਹੇਠ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜਾ ਕੀਤਾ।

 
adsfree-icon
Ads FreeProfile