Lectionary Calendar
Tuesday, December 16th, 2025
the Third Week of Advent
Attention!
For 10¢ a day you can enjoy StudyLight.org ads
free while helping to build churches and support pastors in Uganda.
Click here to learn more!

Read the Bible

ਬਾਇਬਲ

ਯੂਹੰਨਾ 18

1 ਯਿਸੂ ਏਹ ਗੱਲਾਂ ਕਹਿ ਕੇ ਆਪਣੇ ਚੇਲਿਆਂ ਸਣੇ ਕਿਦਰੋਨ ਦੇ ਨਾਲੇ ਦੇ ਪਾਰ ਚੱਲਿਆ ਗਿਆ। ਉੱਥੇ ਇੱਕ ਬਾਗ ਸੀ ਜਿਹਦੇ ਵਿੱਚ ਉਹ ਅਤੇ ਉਹ ਦੇ ਚੇਲੇ ਜਾ ਵੜੇ।
2 ਅਰ ਯਹੂਦਾ ਭੀ ਜਿਹੜਾ ਉਹ ਦਾ ਫੜਵਾਉਣ ਵਾਲਾ ਹੈਸੀ ਉਸ ਥਾਂ ਨੂੰ ਜਾਣਦਾ ਸੀ ਕਿਉਂ ਜੋ ਯਿਸੂ ਆਪਣਿਆਂ ਚੇਲਿਆਂ ਨਾਲ ਉੱਥੇ ਬਹੁਤ ਵੇਰੀ ਜਾਂਦਾ ਹੁੰਦਾ ਸੀ।
3 ਉਪਰੰਤ ਯਹੂਦਾ ਸਿਪਾਹੀਆਂ ਦਾ ਇੱਕ ਜੱਥਾ ਅਤੇ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਦੀ ਵਲੋਂ ਪਿਆਦੇ ਲੈ ਕੇ ਦੀਵਿਆਂ ਅਰ ਮਸਾਲਾਂ ਅਰ ਸ਼ਸਤਰਾਂ ਨਾਲ ਉੱਥੇ ਆਇਆ।
4 ਤਾਂ ਯਿਸੂ ਸਭ ਕੁਝ ਜੋ ਉਹ ਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਹ ਨੂੰ ਭਾਲਦੇ ਹੋ?
5 ਉਨ੍ਹਾਂ ਉਸ ਨੂੰ ਉੱਤਰ ਦਿੱਤਾ, ਯਿਸੂ ਨਾਸਰੀ ਨੂੰ। ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਹ ਮੈਂ ਹੀ ਹਾਂ ਅਤੇ ਉਹ ਦਾ ਫੜਵਾਉਣ ਵਾਲਾ ਯਹੂਦਾ ਭੀ ਉਨ੍ਹਾਂ ਦੇ ਨਾਲ ਖੜਾ ਸੀ।
6 ਸੋ ਜਾਂ ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਹੀ ਹਾਂ ਤਾਂ ਓਹ ਪਿਛਾਹਾਂ ਨੂੰ ਹਟ ਗਏ ਅਤੇ ਭੁੰਞੇਂ ਡਿੱਗ ਪਏ।
7 ਇਸ ਲਈ ਉਸ ਨੇ ਉਨ੍ਹਾਂ ਨੂੰ ਫੇਰ ਪੁੱਛਿਆ, ਤੁਸੀਂ ਕਿਹਨੂੰ ਭਾਲਦੇ ਹੋ? ਤਾਂ ਓਹ ਬੋਲੇ, ਯਿਸੂ ਨਾਸਰੀ ਨੂੰ।
8 ਯਿਸੂ ਨੇ ਅੱਗੋਂ ਆਖਿਆ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਏਹਨਾਂ ਨੂੰ ਜਾਣ ਦਿਓ।
9 ਇਹ ਇਸ ਕਰਕੇ ਹੋਇਆ ਭਈ ਉਹ ਬਚਨ ਜੋ ਉਸ ਨੇ ਕਿਹਾ ਸੀ ਪੂਰਾ ਹੋਵੇ ਕਿ ਜਿਹੜੇ ਤੈਂ ਮੈਨੂੰ ਦਿੱਤੇ ਹਨ ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।
10 ਤਾਂ ਸ਼ਮਊਨ ਪਤਰਸ ਨੇ ਤਲਵਾਰ ਜੋ ਉਹ ਦੇ ਕੋਲ ਸੀ ਧੂਈ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ। ਉਸ ਚਾਕਰ ਦਾ ਨਾਉਂ ਸੀ ਮਲਖੁਸ।
11 ਤਦ ਯਿਸੂ ਨੇ ਪਤਰਸ ਨੂੰ ਆਖਿਆ, ਤਲਵਾਰ ਮਿਆਨ ਕਰ ! ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ, ਕੀ ਮੈਂ ਉਹ ਨਾ ਪੀਆਂ?
12 ਉਪਰੰਤ ਸਿਪਾਹੀਆਂ ਨੇ ਅਤੇ ਫੌਜ ਦੇ ਸਰਦਾਰ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ।

13 ਅਤੇ ਪਹਿਲਾਂ ਉਹ ਨੂੰ ਅੰਨਾਸ ਕੋਲ ਲੈ ਗਏ ਕਿਉਂ ਜੋ ਉਹ ਕਯਾਫ਼ਾ ਦਾ ਸੌਹਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ।
14 ਅਤੇ ਕਯਾਫ਼ਾ ਉਹੋ ਹੈ ਜਿਨ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਭਈ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ।
15 ਸ਼ਮਊਨ ਪਤਰਸ ਯਿਸੂ ਦੇ ਮਗਰ ਹੋ ਤੁਰਿਆ, ਨਾਲੇ ਇੱਕ ਹੋਰ ਚੇਲਾ ਵੀ। ਉਹ ਚੇਲਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਕ ਦੇ ਵੇਹੜੇ ਵਿੱਚ ਗਿਆ।
16 ਪਰ ਪਤਰਸ ਬਾਹਰ ਬੂਹੇ ਕੋਲ ਖੜੋਤਾ ਰਿਹਾ। ਫੇਰ ਉਹ ਦੂਜਾ ਚੇਲਾ ਜਿਹੜਾ ਸਰਦਾਰ ਜਾਜਕ ਦਾ ਜਾਣੂ ਪਛਾਣੂ ਸੀ ਬਾਹਰ ਨਿੱਕਲਿਆ ਅਤੇ ਦਰਬਾਨਣ ਨੂੰ ਕਹਿ ਕੇ ਪਤਰਸ ਨੂੰ ਅੰਦਰ ਲਿਆਇਆ।
17 ਤਾਂ ਉਸ ਗੋੱਲੀ ਨੇ ਜੋ ਦਰਬਾਨਣ ਸੀ ਪਤਰਸ ਨੂੰ ਆਖਿਆ, ਕੀ ਤੂੰ ਭੀ ਐਸ ਮਨੁੱਖ ਦੇ ਚੇਲਿਆਂ ਵਿੱਚੋਂ ਹੈਂ? ਉਹ ਬੋਲਿਆ, ਮੈਂ ਨਹੀਂ ਹਾਂ।
18 ਅਤੇ ਚਾਕਰ ਅਰ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜੇ ਸੇਕ ਰਹੇ ਸਨ ਕਿਉਂ ਜੋ ਪਾਲਾ ਪੈਂਦਾ ਸੀ ਅਤੇ ਪਤਰਸ ਭੀ ਉਨ੍ਹਾਂ ਨਾਲ ਖੜਾ ਸੇਕ ਰਿਹਾ ਸੀ।
19 ਉਪਰੰਤ ਸਰਦਾਰ ਜਾਜਕ ਨੇ ਯਿਸੂ ਤੋਂ ਉਹ ਦੇ ਚੇਲਿਆਂ ਅਤੇ ਉਹ ਦੀ ਸਿੱਖਿਆ ਦੇ ਵਿਖੇ ਪੁੱਛਿਆ।
20 ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ।
21 ਤੂੰ ਮੈਥੋਂ ਕਿਉਂ ਪੁੱਛਦਾ ਹੈਂ? ਜਿਨ੍ਹਾਂ ਸੁਣਿਆ ਹੈ ਉਨ੍ਹਾਂ ਕੋਲੋਂ ਪੁੱਛ ਲੈ ਜੋ ਮੈਂ ਉਨ੍ਹਾਂ ਨੂੰ ਕੀ ਆਖਿਆ। ਵੇਖੋ ਮੈਂ ਜੋ ਕੁਝ ਆਖਿਆ ਸੋ ਓਹ ਜਾਣਦੇ ਹਨ।
22 ਅਰ ਜਦ ਉਹ ਨੇ ਇਉਂ ਕਿਹਾ ਤਦ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜੋਤਾ ਸੀ ਯਿਸੂ ਨੂੰ ਚਪੇੜ ਮਾਰ ਕੇ ਕਿਹਾ, ਤੂੰ ਸਰਦਾਰ ਜਾਜਕ ਨੂੰ ਇਉਂ ਉੱਤਰ ਦਿੰਦਾ ਹੈਂ?
23 ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੋ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦਿਹ ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈ?
24 ਤਾਂ ਅੰਨਾਸ ਨੇ ਉਹ ਨੂੰ ਬੱਧਾ ਹੋਇਆ ਕਯਾਫ਼ਾ ਸਰਦਾਰ ਜਾਜਕ ਦੇ ਕੋਲ ਘੱਲਿਆ.
25 ਅਤੇ ਸ਼ਮਊਨ ਪਤਰਸ ਖੜਾ ਸੇਕਦਾ ਸੀ. ਸੋ ਉਨ੍ਹਾਂ ਉਸ ਨੂੰ ਪੁੱਛਿਆ, ਕੀ ਤੂੰ ਭੀ ਉਹ ਦੇ ਚੇਲਿਆਂ ਵਿੱਚੋਂ ਹੈਂ? ਉਹ ਮੁੱਕਰ ਗਿਆ ਅਤੇ ਬੋਲਿਆ ਮੈਂ ਨਹੀਂ ਹਾਂ।
26 ਸਰਦਾਰ ਜਾਜਕ ਦੇ ਚਾਕਰਾਂ ਵਿਚੋਂ ਇੱਕ ਨੇ ਜਿਹੜਾ ਉਸ ਮਨੁੱਖ ਦਾ ਸਾਕ ਸੀ ਜਿਹ ਦਾ ਕੰਨ ਪਤਰਸ ਨੇ ਉਡਾ ਦਿੱਤਾ ਸੀ ਆਖਿਆ, ਭਲਾ, ਮੈਂ ਤੈਨੂੰ ਉਹ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ?
27 ਤਦ ਪਤਰਸ ਫੇਰ ਮੁੱਕਰ ਗਿਆ ਅਤੇ ਝਟ ਕੁੱਕੜ ਨੇ ਬਾਂਗ ਦਿੱਤੀ।

28 ਫੇਰ ਯਿਸੂ ਨੂੰ ਕਯਾਫ਼ਾ ਦੇ ਕੋਲੋਂ ਹਾਕਮ ਦੀ ਕਚਹਿਰੀ ਲੈ ਗਏ ਸਵੇਰ ਦਾ ਵੇਲਾ ਸੀ। ਓਹ ਆਪ ਕਚਹਿਹੀ ਦੇ ਅੰਦਰ ਨਾ ਗਏ ਭਈ ਕਿਤੇ ਭ੍ਰਿਸ਼ਟ ਨਾ ਹੋ ਜਾਣ ਪਰ ਪਸਾਹ ਦਾ ਭੋਜਨ ਖਾ ਸੱਕਣ।
29 ਉਪਰੰਤ ਪਿਲਾਤੁਸ ਨੇ ਉਨ੍ਹਾਂ ਦੇ ਕੋਲ ਬਾਹਰ ਆਣ ਕੇ ਆਖਿਆ, ਤੁਸੀਂ ਐਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ?
30 ਉਨ੍ਹਾਂ ਉੱਤਰ ਦੇ ਕੇ ਉਸ ਨੂੰ ਆਖਿਆ, ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹ ਨੂੰ ਤੁਹਾਡੇ ਹਵਾਲੇ ਨਾ ਕਰਦੇ।
31 ਤਦ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪੇ ਇਹ ਨੂੰ ਲੈ ਜਾਓ ਅਤੇ ਆਪਣੀ ਸ਼ਰਾ ਅਨੁਸਾਰ ਉਹ ਦਾ ਨਿਬੇੜਾ ਕਰੋ। ਯਹੂਦੀਆਂ ਨੇ ਉਹ ਨੂੰ ਆਖਿਆ ਭਈ ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ।
32 ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਬਚਨ ਪੂਰਾ ਹੋਵੇ ਜਿਹੜਾ ਓਨ ਇਸ ਗੱਲ ਦਾ ਪਤਾ ਦੇਣ ਨੂੰ ਕਿਹਾ ਸੀ ਭਈ ਮੈਂ ਕਿਹੜੀ ਮੌਤ ਨਾਲ ਮਰਨਾ ਹੈ।
33 ਫੇਰ ਪਿਲਾਤੁਸ ਕਚਹਿਰੀ ਦੇ ਅੰਦਰ ਗਿਆ ਅਤੇ ਯਿਸੂ ਨੂੰ ਸੱਦ ਕੇ ਉਹ ਨੂੰ ਕਿਹਾ, ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰਏਂ ਹੈ?
34 ਯਿਸੂ ਨੇ ਉੱਤਰ ਦਿੱਤਾ, ਕੀ ਤੂੰ ਇਹ ਗੱਲ ਆਪੇ ਆਖਦਾ ਹੈਂ ਯਾ ਹੋਰਨਾਂ ਮੇਰੇ ਵਿਖੇ ਤੈਨੂੰ ਦੱਸੀ ਹੈ?
35 ਪਿਲਾਤੁਸ ਨੇ ਅੱਗੋਂ ਕਿਹਾ, ਭਲਾ, ਮੈਂ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਪਰਧਾਨ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕਿਤਾ ਹੈ। ਤੈਂ ਕੀ ਕੀਤਾ?
36 ਯਿਸੂ ਨੇ ਉੱਤਰ ਦਿੱਤਾ ਕਿ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।
37 ਅੱਗੋਂ ਪਿਲਾਤੁਸ ਨੇ ਉਹ ਨੂੰ ਆਖਿਆ, ਤਾਂ ਫੇਰ ਤੂੰ ਪਾਤਸ਼ਾਹ ਹੈਂ? ਯਿਸੂ ਨੇ ਉੱਤਰ ਦਿੱਤਾ, ਸਤ ਬਚਨ, ਮੈਂ ਪਾਤਸ਼ਾਹ ਹੀ ਹਾਂ। ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।
38 ਪਿਲਾਤੁਸ ਨੇ ਉਹ ਨੂੰ ਆਖਿਆ, ਸਚਿਆਈ ਹੁੰਦੀ ਕੀ ਹੈ? ਅਤੇ ਇਹ ਕਹਿ ਕੇ ਉਹ ਫੇਰ ਯਹੂਦੀਆਂ ਕੋਲ ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਆਖਿਆ, ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ
39 ਪਰ ਤੁਹਾਡਾ ਇਹ ਦਸਤੂਰ ਹੈ ਜੋ ਮੈਂ ਤੁਹਾਡੇ ਲਈ ਪਸਾਹ ਦੇ ਸਮੇਂ ਇੱਕ ਨੂੰ ਛੱਡ ਦਿਆਂ। ਸੋ ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ?
40 ਤਾਂ ਉਨ੍ਹਾਂ ਫੇਰ ਡੰਡ ਪਾ ਕੇ ਆਖਿਆ, ਇਸ ਨੂੰ ਨਹੀਂ ਪਰ ਬਰੱਬਾਸ ਨੂੰ! ਅਤੇ ਬਰੱਬਾਸ ਇੱਕ ਡਾਕੂ ਸੀ।

 
adsfree-icon
Ads FreeProfile