Lectionary Calendar
Tuesday, May 28th, 2024
the Week of Proper 3 / Ordinary 8
Attention!
Partner with StudyLight.org as God uses us to make a difference for those displaced by Russia's war on Ukraine.
Click to donate today!

Read the Bible

ਬਾਇਬਲ

ਲੋਕਾ 13

1 1 ਉਸ ਵੇਲੇ ਕਈ ਉੱਥੇ ਹਾਜ਼ਰ ਸਨ ਜਿਹੜੇ ਉਸ ਨੂੰ ਉਨ੍ਹਾਂ ਗਲੀਲੀਆਂ ਦਾ ਹਵਾਲ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ।
2 ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਲਾ, ਤੁਸੀਂ ਸਮਝਦੇ ਹੋ ਭਈ ਏਹ ਗਲੀਲੀ ਸਭਨਾਂ ਗਲੀਲੀਆਂ ਨਾਲੋਂ ਵੱਡੇ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁਖ ਸਹੇ ?
3 ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ।
4 ਯਾ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਢੱਠਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਭਲਾ, ਤੁਸੀਂ ਏਹ ਸਮਝਦੇ ਹੋ ਜੋ ਓਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ ?
5 ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸਾਂ ਸਭਨਾਂ ਦਾ ਇਸੇ ਤਰਾਂ ਨਾਸ ਹੋ ਜਾਵੇਗਾ।

6 ਉਸ ਨੇ ਇਹ ਦ੍ਰਿਸ਼ਟਾਂਤ ਦਿੱਤਾ ਭਈ ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ।
7 ਤਦ ਉਹ ਨੇ ਬਾਗਵਾਨ ਨੂੰ ਆਖਿਆ, ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨਾਂ ਵਰਿਹਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਹ ਨੂੰ ਵੱਢ ਸੁੱਟ। ਕਾਹਨੂੰ ਜਮੀਨ ਭੀ ਰੋਕ ਛੱਡੀ ਹੈ ?
8 ਪਰ ਉਸ ਨੇ ਉਹ ਨੂੰ ਉੱਤਰ ਦਿੱਤਾ, ਸੁਆਮੀ ਜੀ ਇਹ ਨੂੰ ਐਤਕੀ ਹੋਰ ਭੀ ਰਹਿਣ ਦਿਓ ਜਦ ਤੀਕਰ ਮੈਂ ਇਹ ਦੇ ਗਿਰਦੇ ਖਾਲ ਨਾ ਖੋਦਾਂ ਅਤੇ ਰੂੜੀ ਨਾ ਪਾਵਾਂ।
9 ਸ਼ਾਇਤ ਅੱਗੇ ਨੂੰ ਫਲ ਲੱਗੇ। ਨਹੀਂ ਤਾਂ ਇਹ ਨੂੰ ਵਢਾ ਸੁੱਟੀਂ।

10 ਉਹ ਸਬਤ ਦੇ ਦਿਨ ਕਿਸੇ ਸਮਾਜ ਵਿੱਚ ਉਪਦੇਸ਼ ਦਿੰਦਾ ਸੀ।
11 ਅਰ ਵੇਖੋ ਇੱਕ ਤੀਵੀਂ ਸੀ ਜਿਹ ਨੂੰ ਅਠਾਰਾਂ ਵਰਿਹਾਂ ਤੋਂ ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਹੈਸੀ ਅਰ ਕਿਸੇ ਤਰਾਂ ਸਿੱਧੀ ਨਹੀਂ ਸੀ ਹੋ ਸੱਕਦੀ।
12 ਯਿਸੂ ਨੇ ਉਹ ਨੂੰ ਵੇਖ ਕੇ ਕੋਲ ਸੱਦਿਆ ਅਰ ਉਹ ਨੂੰ ਕਿਹਾ, ਹੇ ਤ੍ਰੀਮਤ ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈਂ।
13 ਅਤੇ ਉਸ ਉੱਤੇ ਹੱਥ ਰੱਖੇ ਤਾਂ ਓਵੇਂ ਉਹ ਸਿੱਧੀ ਹੋ ਗਈ ਅਰ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ !
14 ਪਰ ਸਮਾਜ ਦੇ ਸਰਦਾਰ ਨੇ ਇਸ ਲਈ ਜੋ ਯਿਸੂ ਨੇ ਸਬਤ ਦੇ ਦਿਨ ਨਰੋਈ ਕੀਤੀ ਗੁੱਸੇ ਹੋ ਕੇ ਅੱਗੋਂ ਜਮਾਤ ਨੂੰ ਆਖਿਆ ਕਿ ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਸੋ ਇਨ੍ਹਾਂ ਵਿੱਚ ਆਣ ਕੇ ਚੰਗੇ ਹੋਵੋ ਨਾ ਕੀ ਸਬਤ ਦੇ ਦਿਨ।
15 ਪਰ ਪ੍ਰਭੁ ਨੇ ਉਹ ਨੂੰ ਉੱਤਰ ਦੇ ਕੇ ਆਖਿਆ, ਹੇ ਕਪਟੀਓ ਕੀ ਤੁਹਾਡੇ ਵਿੱਚੋਂ ਹਰ ਕੋਈ ਸਬਤ ਦੇ ਦਿਨ ਆਪਣੇ ਬਲਦ ਯਾ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਆਉਣ ਨੂੰ ਨਹੀਂ ਲੈ ਜਾਂਦਾ ?
16 ਫੇਰ ਭਲਾ, ਇਹ ਤੀਵੀਂ ਜੋ ਅਬਰਾਹਾਮ ਦੀ ਧੀ ਹੈ ਜਿਹ ਨੂੰ ਸ਼ਤਾਨ ਨੇ ਵੇਖੋ ਅਠਾਰਾਂ ਵਰਿਹਾਂ ਤੋਂ ਬੰਨ੍ਹ ਰੱਖਿਆ ਹੈ ਇਹ ਨੂੰ ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਜੋਗ ਨਹੀਂ ਸੀ ?
17 ਜਾਂ ਇਹ ਗੱਲਾਂ ਕਰਦਾ ਹੀ ਸੀ ਤਾਂ ਉਹ ਦੇ ਸਭ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭਨਾਂ ਪਰਤਾਪ ਵਾਲੇ ਕੰਮਾਂ ਤੋਂ ਜੋ ਉਹ ਦੇ ਕੋਲੋਂ ਹੋਏ ਸਨ ਅਨੰਦ ਹੋਈ।

18 ਇਸ ਲਈ ਉਹ ਨੇ ਆਖਿਆ ਕਿ ਪਰਮੇਸ਼ੁਰ ਦਾ ਰਾਜ ਕਿਸ ਵਰਗਾ ਹੈ ਅਤੇ ਮੈਂ ਉਸ ਨੂੰ ਕਿਹ ਦੇ ਵਰਗਾ ਦੱਸਾਂ ?
19 ਉਹ ਰਾਈ ਦੇ ਦਾਣੇ ਦੇ ਵਰਗਾ ਹੈ ਜਿਹ ਨੂੰ ਇੱਕ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਅਰ ਉਹ ਉੱਗਿਆ ਅਤੇ ਬਿਰਛ ਹੋ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕੀਤਾ।
20 ਉਸ ਨੇ ਫੇਰ ਆਖਿਆ, ਮੈਂ ਪਰਮੇਸ਼ੁਰ ਦੇ ਰਾਜ ਨੂੰ ਕਿਹ ਦੇ ਵਰਗਾ ਦੱਸਾਂ ?
21 ਉਹ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਗੁੰਨ੍ਹਿਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।
22 ਉਹ ਉਪਦੇਸ਼ ਦਿੰਦਾ ਹੋਇਆ ਨਗਰ ਨਗਰ ਅਤੇ ਪਿੰਡ ਪਿੰਡ ਹੋ ਕੇ ਯਰੂਸ਼ਲਮ ਦੀ ਵੱਲ ਲਗਾ ਜਾਂਦਾ ਸੀ।

23 ਤਦ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਜਿਹੜੇ ਮੁਕਤੀ ਪਾਉਂਦੇ ਕੀ ਓਹ ਵਿਰਲੇ ਹਨ?
24 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਭੀੜੇ ਬੂਹੇ ਤੋਂ ਵੜਨ ਦਾ ਜਤਨ ਕਰੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਥੇਰੇ ਵੜਨ ਨੂੰ ਚਾਹੁਣਗੇ ਪਰ ਵੜ ਨਾ ਸੱਕਣਗੇ।
25 ਜਦੋਂ ਘਰ ਦਾ ਮਾਲਕ ਉੱਠ ਕੇ ਬੂਹਾ ਮਾਰ ਦੇਵੇ ਅਤੇ ਤੁਸੀਂ ਬਾਹਰ ਖੜੇ ਇਹ ਕਹਿ ਕੇ ਬੂਹਾ ਖੜਕਾਉਣ ਲੱਗੋਗੇ ਕਿ ਹੇ ਪ੍ਰਭੁ, ਸਾਡੇ ਲਈ ਖੋਲ੍ਹੋ ! ਅਤੇ ਉਹ ਤੁਹਾਨੂੰ ਉੱਤਰ ਦੇਵੇਗਾ ਭਈ ਮੈਂ ਤੁਹਾਨੂੰ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ।
26 ਤਦ ਤੁਸੀਂ ਆਖਣ ਲੱਗੋਗੇ ਕਿ ਅਸਾਂ ਤੇਰੇ ਅੱਗੇ ਖਾਧਾ ਪੀਤਾ ਅਤੇ ਤੈਂ ਸਾਡੇ ਚੌਂਕਾਂ ਵਿੱਚ ਉਪਦੇਸ਼ ਦਿੱਤਾ ਹੈ।
27 ਫੇਰ ਉਹ ਬੋਲੇਗਾ, ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਨਹੀਂ ਜਾਣਦਾ ਜੋ ਤੁਸੀਂ ਕਿੱਥੋਂ ਦੇ ਹੋ। ਹੇ ਸਭ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ !
28 ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ਜਦ ਤੁਸੀਂ ਅਬਰਾਹਾਮ ਅਰ ਇਸਹਾਕ ਅਰ ਯਾਕੂਬ ਅਤੇ ਸਭਨਾਂ ਨਬੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਅਤੇ ਆਪਣੇ ਤਾਈਂ ਬਾਹਰ ਕੱਢੇ ਹੋਏ ਵੇਖੋਗੇ !
29 ਅਰ ਲੋਕ ਪੂਰਬ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ੁਰ ਦੇ ਰਾਜ ਦੀ ਪੰਗਤ ਵਿੱਚ ਬੈਠਣਗੇ।
30 ਵੇਖੋ, ਕਿੰਨੇ ਪਿੱਛਲੇ ਹਨ ਜਿਹੜੇ ਪਹਿਲੇ ਹੋਣਗੇ ਅਤੇ ਪਹਿਲੇ ਹਨ ਜਿਹੜੇ ਪਿੱਛਲੇ ਹੋਣਗੇ।

31 ਉਸੇ ਘੜੀ ਕਈ ਫ਼ਰੀਸੀਆਂ ਨੇ ਕੋਲ ਆਣ ਕੇ ਉਹ ਨੂੰ ਕਿਹਾ ਕਿ ਐਥੋਂ ਨਿੱਕਲ ਕੇ ਚੱਲਿਆ ਜਾਹ ਕਿਉਂ ਜੋ ਹੇਰੋਦੇਸ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ।
32 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜਾ ਕੇ ਉਸ ਲੂੰਬੜੀ ਨੂੰ ਕਹੋ ਭਈ ਵੇਖ ਮੈਂ ਅੱਜ ਅਰ ਕੱਲ੍ਹ ਭੂਤਾਂ ਨੂੰ ਕੱਢਦਾ ਅਤੇ ਨਰੋਆ ਕਰਦਾ ਹਾਂ ਅਰ ਤੀਏ ਦਿਨ ਪੂਰਾ ਹੋ ਜਾਵਾਂਗਾ।
33 ਪਰ ਮੈਨੂੰ ਚਾਹੀਦਾ ਹੈ ਜੋ ਅੱਜ ਅਰ ਕੱਲ੍ਹ ਅਤੇ ਪਰਸੋਂ ਫਿਰਦਾ ਰਹਾਂ ਕਿਉਂਕਿ ਇਹ ਨਹੀਂ ਹੋ ਸੱਕਦਾ ਜੋ ਯਰੂਸ਼ਲਮ ਤੋਂ ਬਾਹਰ ਕੋਈ ਨਬੀ ਮਾਰਿਆ ਜਾਵੇ।
34 ਹੇ ਯਰੂਸ਼ਲਮ, ਯਰੂਸ਼ਲਮ ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਹੋਏ ਹਨ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠਾ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ।
35 ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਨਾ ਵੇਖੋਗੇ ਜਦ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ!

 
adsfree-icon
Ads FreeProfile