Lectionary Calendar
Saturday, August 2nd, 2025
the Week of Proper 12 / Ordinary 17
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਲੋਕਾ 21

1 ਉਸ ਨੇ ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਖ਼ਜ਼ਾਨੇ ਵਿੱਚ ਪਾਉਂਦਿਆਂ ਡਿੱਠਾ।
2 ਅਰ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਦੋ ਦਮੜੀਆਂ ਉੱਥੇ ਪਾਉਂਦਿਆਂ ਵੇਖਿਆ।
3 ਤਾਂ ਓਸ ਆਖਿਆ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭਨਾਂ ਨਾਲੋਂ ਬਹੁਤਾ ਪਾ ਦਿੱਤਾ ਹੈ।
4 ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਦਾਨ ਪਾਇਆ ਪਰ ਇਹ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਜੋ ਇਹ ਦੀ ਸੀ ਪਾ ਦਿੱਤੀ।

5 ਜਾਂ ਬਾਜ਼ੇ ਲੋਕ ਹੈਕਲ ਦੇ ਵਿਖੇ ਗੱਲਾਂ ਕਰਦੇ ਸਨ ਜੋ ਉਹ ਸੋਹਣੇ ਪੱਥਰਾਂ ਅਤੇ ਝੜਾਵਿਆਂ ਨਾਲ ਕਿਹੋ ਜਿਹੀ ਸੁਆਰੀ ਹੋਈ ਹੈ ਤਾਂ ਓਸ ਆਖਿਆ।
6 ਭਈ ਏਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਓਹ ਦਿਨ ਆਉਣਗੇ ਜਿਨ੍ਹਾਂ ਵਿੱਚ ਐੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇਗਾ।
7 ਅੱਗੋਂ ਉਨ੍ਹਾਂ ਉਸ ਤੋਂ ਪੁੱਛਿਆ, ਫੇਰ ਗੁਰੂ ਜੀ, ਏਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਲੱਛਣ ਹੈ ਜਾਂ ਏਹ ਗੱਲਾਂ ਹੋਣ ਲੱਗਣਗੀਆਂ ?
8 ਤਾਂ ਉਹ ਨੇ ਆਖਿਆ, ਚੌਕਸ ਰਹੋ ਭਈ ਤੁਸੀਂ ਕਿਤੇ ਭੁਲਾਵੇ ਵਿੱਚ ਨਾ ਪਓ ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਉਹੋ ਹਾਂ ਅਤੇ ਉਹ ਵੇਲਾ ਨੇੜੇ ਹੈ। ਉਨ੍ਹਾਂ ਦੇ ਮਗਰ ਨਾ ਲੱਗਣਾ।
9 ਪਰ ਜਾਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਏਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਓਵੇਂ ਨਹੀਂ।
10 ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।
11 ਅਤੇ ਵੱਡੇ ਭੁਚਾਲ ਅਰ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਰ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ।
12 ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਰ ਸਮਾਜਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਰ ਹਾਕਮਾਂ ਦੇ ਸਾਹਮਣੇ ਲੈ ਜਾਣਗੇ।
13 ਇਹ ਤੁਹਾਡੇ ਉੱਤੇ ਗਵਾਹੀ ਦੇ ਲਈ ਬੀਤੇਗਾ।
14 ਇਸ ਲਈ ਆਪਣੇ ਮਨ ਵਿੱਚ ਪੱਕ ਠਹਿਰਾ ਛੱਡੋ ਭਈ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ।
15 ਕਿਉਂ ਜੋ ਮੈ ਤੁਹਾਨੂੰ ਇਹੋ ਜਿਹਾ ਮੂੰਹ ਅਤੇ ਬੁੱਧ ਦਿਆਂਗਾ ਜਿਹ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਯਾ ਖੰਡਣ ਨਾ ਕਰ ਸੱਕਣਗੇ।
16 ਅਤੇ ਮਾਂ ਪਿਉ ਅਰ ਭਾਈ ਅਰ ਸਾਕ ਅਰ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ।
17 ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ।
18 ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ।
19 ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।

20 ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ।
21 ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਦੇ ਅੰਦਰ ਨਾ ਵੜਨ।
22 ਕਿਉਂ ਜੋ ਇਹ ਵੱਟਾ ਲੈਣ ਦੇ ਦਿਨ ਹਨ ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ।
23 ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵੰਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡੀ ਤੰਗੀ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ।
24 ਓਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਧੂਏ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਰ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੀਕੁਰ ਪਰਾਈਆਂ ਕੌਮਾਂ ਦੇ ਸਮੇ ਪੂਰੇ ਨਾ ਹੋਣ।
25 ਸੂਰਜ ਅਰ ਚੰਦ ਅਰ ਤਾਰਿਆਂ ਵਿੱਚ ਨਿਸ਼ਾਨੀਆਂ ਹੋਣਗੀਆਂ ਅਤੇ ਧਰਤੀ ਉੱਤੇ ਸਮੁੰਦਰ ਅਰ ਉਹ ਦੀਆਂ ਲਹਿਰਾਂ ਦੇ ਗਰਜਨੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ।
26 ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ ਕਿਉਂ ਜੋ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
27 ਤਦ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਤੇ ਵੱਡੇ ਤੇਜ ਨਾਲ ਬੱਦਲ ਉੱਤੇ ਆਉਂਦਿਆਂ ਵੇਖਣਗੇ।
28 ਜਾਂ ਏਹ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਅਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ।

29 ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਭਈ ਹੰਜੀਰ ਦੇ ਬੂਟੇ ਨੂੰ ਅਤੇ ਸਾਰਿਆਂ ਰੁੱਖਾਂ ਨੂੰ ਵੇਖੋ,
30 ਜਦ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਵੇਖ ਕੇ ਆਪੇ ਜਾਣ ਲੈਂਦੇ ਹੋ ਜੋ ਹੁਣ ਗਰਮੀ ਦੀ ਰੁੱਤ ਨੇੜੇ ਹੈ।
31 ਇਸੇ ਤਰਾਂ ਨਾਲ ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।
32 ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੀਹੜੀ ਬੀਤ ਨਾ ਜਾਵੇਗੀ।
33 ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੇ ਨਾ ਟਲਣਗੇ !
34 ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਨਕ ਆ ਪਵੇ !
35 ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ।
36 ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।
37 ਉਹ ਦਿਨ ਨੂੰ ਹੈਕਲ ਵਿੱਚ ਉਪਦੇਸ਼ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਸ ਪਹਾੜ ਉੱਤੇ ਜਿਹੜਾ ਜ਼ੈਤੂਨ ਦਾ ਕਹਾਉਂਦਾ ਹੈ ਟਿਕਦਾ ਹੁੰਦਾ ਸੀ।
38 ਅਤੇ ਸਭ ਲੋਕ ਉਹ ਦੀ ਸੁਣਨ ਲਈ ਹੈਕਲ ਵਿੱਚ ਤੜਕੇ ਉਹ ਦੇ ਕੋਲ ਆਉਂਦੇ ਸਨ।

 
adsfree-icon
Ads FreeProfile