Lectionary Calendar
Tuesday, December 16th, 2025
the Third Week of Advent
Attention!
Take your personal ministry to the Next Level by helping StudyLight build churches and supporting pastors in Uganda.
Click here to join the effort!

Read the Bible

ਬਾਇਬਲ

ਲੋਕਾ 4

1 ਤਾਂ ਯਿਸੂ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਅਰ ਆਤਮਾ ਦੀ ਅਗਵਾਈ ਨਾਲ,
2 ਚਾਲੀਆਂ ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ਤਾਨ ਉਹ ਨੂੰ ਪਰਤਾਉਂਦਾ ਸੀ ਅਰ ਉਨ੍ਹੀਂ ਦਿਨੀਂ ਉਹ ਨੇ ਕੁਝ ਨਾ ਖਾਧਾ ਅਰ ਜਦ ਓਹ ਦਿਨ ਪੂਰੇ ਹੋ ਗਏ ਤਾਂ ਉਹ ਨੂੰ ਭੁੱਖ ਲੱਗੀ।
3 ਤਦ ਸ਼ਤਾਨ ਨੇ ਉਹ ਨੂੰ ਕਿਹਾ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈ ਤਾਂ ਇਸ ਪੱਥਰ ਨੂੰ ਆਖ ਜੋ ਰੋਟੀ ਬਣ ਜਾਏ।
4 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ।
5 ਤਾਂ ਸ਼ਤਾਨ ਨੇ ਉਹ ਨੂੰ ਉੱਚੀ ਥਾਂ ਲੈ ਜਾ ਕੇ ਉਹ ਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ।
6 ਅਤੇ ਉਹ ਨੂੰ ਆਖਿਆ, ਮੈਂ ਇਹ ਸਾਰਾ ਇਖ਼ਤਿਆਰ ਅਤੇ ਉਨ੍ਹਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਅਰ ਜਿਹ ਨੂੰ ਚਾਹੁੰਦਾ ਉਹ ਨੂੰ ਦਿੰਦਾ ਹਾਂ।
7 ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਸੱਭੋ ਕੁਝ ਤੇਰਾ ਹੋਵੇਗਾ।
8 ਯਿਸੂ ਨੇ ਉਸ ਨੂੰ ਉੱਤਰ ਦਿੱਤਾ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।
9 ਤਦ ਉਸ ਨੇ ਉਹ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਕਿੰਗਰੇ ਉੱਤੇ ਖੜਾ ਕੀਤਾ ਅਤੇ ਉਹ ਨੂੰ ਆਖਿਆ, ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਆਪਣੇ ਆਪ ਨੂੰ ਐਥੋਂ ਹੇਠਾਂ ਡੇਗ ਦਿਹ।
10 ਕਿਉਂ ਜੋ ਲਿਖਿਆ ਹੈ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਜੋ ਤੇਰੀ ਰੱਛਿਆ ਕਰਨ,
11 ਅਤੇ ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।
12 ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਇਹ ਕਿਹਾ ਗਿਆ ਹੈ ਜੋ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ।
13 ਅਰ ਸ਼ਤਾਨ ਜਾਂ ਸਾਰਾ ਪਰਤਾਵਾ ਕਰ ਹੱਟਿਆ ਤਾਂ ਕੁਝ ਚਿਰ ਤੀਕਰ ਉਸ ਕੋਲੋਂ ਦੂਰ ਰਿਹਾ।

14 ਯਿਸੂ ਆਤਮਾ ਦੀ ਸ਼ਕਤੀ ਵਿੱਚ ਗਲੀਲ ਨੂੰ ਮੁੜਿਆ ਅਰ ਉਹ ਦਾ ਜਸ ਸਾਰੇ ਇਲਾਕੇ ਵਿੱਚ ਖਿੰਡ ਗਿਆ।
15 ਅਤੇ ਉਹ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਰਿਹਾ ਅਤੇ ਸਾਰੇ ਉਸ ਦੀ ਵਡਿਆਈ ਕਰਦੇ ਸਨ।
16 ਫੇਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ।
17 ਅਤੇ ਯਸਾਯਾਹ ਨਬੀ ਦੀ ਪੋਥੀ ਉਹ ਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ।
18 ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ,
19 ਅਤੇ ਪ੍ਰਭੁ ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ ਕਰਾਂ।
20 ਅਤੇ ਪੋਥੀ ਬੰਦ ਕਰ ਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲੱਗੀਆਂ ਹੋਈਆਂ ਸਨ।
21 ਤਦ ਉਹ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ।
22 ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਨ੍ਹਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋ ਕੇ ਕਿਹਾ, ਭਲਾ, ਇਹ ਯੂਸੁਫ਼ ਦਾ ਪੁੱਤ੍ਰ ਨਹੀਂ ?
23 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੇਰੇ ਉੱਤੇ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ । ਜੋ ਕੁਝ ਅਸਾਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਐਥੇ ਆਪਣੇ ਦੇਸ ਵਿੱਚ ਵੀ ਕਰ।
24 ਉਸ ਨੇ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਕੋਈ ਨਬੀ ਆਪਣੇ ਦੇਸ ਵਿੱਚ ਪਰਵਾਨ ਨਹੀਂ।
25 ਪਰ ਮੈਂ ਤੁਹਾਨੂੰ ਠੀਕ ਆਖਦਾ ਹਾਂ ਜੋ ਏਲੀਯਾਹ ਦੇ ਦਿਨੀਂ ਜਾਂ ਸਾਢੇ ਤਿੰਨਾਂ ਵਰਿਹਾਂ ਦੀ ਐਡੀ ਔੜ ਲੱਗੀ ਭਈ ਸਾਰੇ ਦੇਸ ਉੱਤੇ ਵੱਡਾ ਕਾਲ ਪਿਆ ਬਹੁਤ ਸਾਰੀਆਂ ਵਿਧਵਾਂ ਇਸਰਾਏਲ ਵਿੱਚ ਸਨ।
26 ਪਰ ਸੈਦਾ ਦੇਸ ਦੇ ਸਾਰਿਪਥ ਦੀ ਇੱਕ ਵਿਧਵਾ ਤੋਂ ਬਿਨਾ ਏਲੀਯਾਹ ਉਨ੍ਹਾਂ ਵਿੱਚੋਂ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ।
27 ਅਤੇ ਅਲੀਸ਼ਾ ਨਬੀ ਦੇ ਸਮੇ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ ਪਰ ਉਨ੍ਹਾਂ ਵਿੱਚੋਂ ਨਾਮਾਨ ਸੁਰਿਯਾਨੀ ਬਿਨਾ ਕੋਈ ਸ਼ੁੱਧ ਨਾ ਕੀਤਾ ਗਿਆ।
28 ਸੋ ਜਿਹੜੇ ਸਮਾਜ ਵਿੱਚ ਸਨ ਓਹ ਸਭ ਇਨ੍ਹਾਂ ਗੱਲਾਂ ਨੂੰ ਸੁਣਦੇ ਹੀ ਕ੍ਰੋਧ ਨਾਲ ਭਰ ਗਏ।
29 ਅਰ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਟੀਸੀ ਉੱਤੇ ਜਿਸ ਤੇ ਉਨ੍ਹਾਂ ਦਾ ਨਗਰ ਬਣਿਆ ਹੋਇਆ ਸੀ ਲੈ ਚੱਲੇ ਜੋ ਉਹ ਨੂੰ ਸਿਰ ਪਰਨੇ ਡੇਗ ਦੇਣ।
30 ਪਰ ਉਹ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਚੱਲਿਆ ਗਿਆ।

31 ਉਹ ਗਲੀਲ ਦੇ ਇੱਕ ਨਗਰ ਕਫ਼ਰਨਾਹੂਮ ਵਿੱਚ ਆਣ ਕੇ ਸਬਤ ਦੇ ਦਿਨ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
32 ਅਰ ਓਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਦਾ ਬਚਨ ਇਖ਼ਤਿਆਰ ਨਾਲ ਸੀ।
33 ਸਮਾਜ ਵਿੱਚ ਇੱਕ ਮਨੁੱਖ ਸੀ ਜਿਹ ਨੂੰ ਭ੍ਰਿਸ਼ਟ ਭੂਤ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਅਵਾਜ਼ ਨਾਲ ਬੋਲਿਆ,
34 ਹਾਏ ਯਿਸੂ ਨਾਸਰੀ ! ਤੇਰਾ ਸਾਡੇ ਨਾਲ ਕੀ ਕੰਮ ? ਕੀ ਤੂੰ ਸਾਡਾ ਨਾਸ ਕਰਨ ਆਇਆ ਹੈਂ ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈਂ। ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ !
35 ਤਾਂ ਯਿਸੂ ਨੇ ਉਹ ਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿੱਕਲ ਜਾਹ ! ਸੋ ਉਹ ਭੂਤ ਉਸ ਨੂੰ ਵਿਚਕਾਰ ਪਟਕ ਕੇ ਬਿਨਾ ਸੱਟ ਲਾਏ ਉਸ ਦੇ ਅੰਦਰੋਂ ਨਿੱਕਲ ਗਿਆ।
36 ਅਤੇ ਸਾਰੇ ਹੈਰਾਨ ਹੋਏ ਅਤੇ ਆਪਸ ਵਿੱਚ ਗੱਲਾਂ ਕਰ ਕੇ ਇੱਕ ਦੂਏ ਨੂੰ ਕਹਿਣ ਲੱਗੇ ਭਈ ਇਹ ਕੀ ਗੱਲ ਹੈ ? ਕਿਉਂ ਜੋ ਉਹ ਇਖ਼ਤਿਆਰ ਅਤੇ ਸਮਰੱਥਾ ਨਾਲ ਭ੍ਰਿਸ਼ਟ ਆਤਮਿਆਂ ਨੂੰ ਹੁਕਮ ਕਰਦਾ ਹੈ ਅਤੇ ਓਹ ਨਿੱਕਲ ਜਾਂਦੇ ਹਨ !
37 ਅਤੇ ਉਸ ਇਲਾਕੇ ਦਿਆਂ ਸਭਨਾਂ ਥਾਵਾਂ ਵਿੱਚ ਉਹ ਦੀ ਧੁੰਮ ਪੈ ਗਈ।
38 ਫੇਰ ਉਹ ਸਮਾਜ ਤੋਂ ਉੱਠ ਕੇ ਸ਼ਮਊਨ ਦੇ ਘਰ ਗਿਆ ਅਰ ਸ਼ਮਊਨ ਦੀ ਸੱਸ ਨੂੰ ਜ਼ੋਰ ਦਾ ਤਾਪ ਚੜ੍ਹਿਆ ਹੋਇਆ ਸੀ ਅਤੇ ਉਨ੍ਹਾਂ ਉਸ ਦੇ ਅੱਗੇ ਉਹ ਦੇ ਲਈ ਅਰਜ਼ ਕੀਤੀ।
39 ਤਦ ਉਸ ਨੇ ਉਹ ਦੇ ਕੋਲ ਖੜੋ ਕੇ ਤਾਪ ਨੂੰ ਦਬਕਾ ਦਿੱਤਾ ਅਤੇ ਉਹ ਲਹਿ ਗਿਆ ਅਰ ਓਵੇਂ ਉਹ ਨੇ ਉੱਠ ਕੇ ਉਨ੍ਹਾਂ ਦੀ ਖ਼ਾਤਰ ਕੀਤੀ।
40 ਫੇਰ ਆਥੁਣ ਵੇਲੇ ਓਹ ਸਾਰੇ ਜਿਨ੍ਹਾਂ ਦੇ ਭਾਂਤ ਭਾਂਤ ਦੇ ਰੋਗੀ ਸਨ ਉਨ੍ਹਾਂ ਨੂੰ ਉਸ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ।
41 ਅਰ ਬਹੁਤਿਆਂ ਵਿੱਚੋਂ ਭੂਤ ਭੀ ਚੀਕਾਂ ਮਾਰਦੇ ਅਤੇ ਇਹ ਆਖਦੇ ਨਿੱਕਲ ਆਏ ਭਈ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ! ਪਰ ਉਸ ਨੇ ਉਨ੍ਹਾਂ ਨੂੰ ਝਿੜਕ ਕੇ ਬੋਲਣ ਨਾ ਦਿੱਤਾ ਕਿਉਂ ਜੋ ਓਹ ਪਛਾਣਦੇ ਸਨ ਜੋ ਇਹ ਮਸੀਹ ਹੈ।
42 ਜਾਂ ਦਿਨ ਚੜ੍ਹਿਆ ਤਾਂ ਉਹ ਨਿੱਕਲ ਕੇ ਇੱਕ ਉਜਾੜ ਥਾਂ ਵਿੱਚ ਗਿਆ ਅਤੇ ਭੀੜਾਂ ਉਸ ਨੂੰ ਭਾਲਦੀਆਂ ਭਾਲਦੀਆਂ ਉਸ ਕੋਲ ਆਈਆਂ ਅਤੇ ਉਸ ਨੂੰ ਰੋਕਿਆ ਜੋ ਸਾਡੇ ਕੋਲੋਂ ਨਾ ਜਾਈਂ।
43 ਪਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂ ਕਿ ਮੈਂ ਇਸੇ ਲਈ ਘੱਲਿਆ ਗਿਆ।
44 ਤਾਂ ਉਹ ਗਲੀਲ ਦੀਆਂ ਸਮਾਜਾਂ ਵਿੱਚ ਪਰਚਾਰ ਕਰਦਾ ਰਿਹਾ।

 
adsfree-icon
Ads FreeProfile